Monday, 15 January 2018

ਪਹਿਲੀ ਬੈਡਮਿੰਟਨ ਲੀਗ' ਦਾ ਸਮਾਪਨ ਹੋਇਆ







ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨੌਜਵਾਨਾਂ ਦੁਆਰਾ ਆਰੰਭੀ 'ਪਹਿਲੀ ਬੈਡਮਿੰਟਨ ਲੀਗ' ਦਾ ਕੱਲ ਸ਼ਾਮ ਸਮਾਪਨ ਹੋ ਗਿਆ।
'ਸ਼੍ਰੀ ਗੁਰੂ ਨਾਨਕ ਦੇਵ ਜੀ ਯਾਦਗਾਰੀ ਨੌਜਵਾਨ ਸਭਾ, ਮੁਠੱਡਾ ਕਲਾਂ' ਦੇ ਸਾਰੇ ਸਾਥੀ ਪ੍ਰਸ਼ੰਸ਼ਾ ਦੇ ਪਾਤਰ ਹਨ ਜਿਨ੍ਹਾਂ ਨੇ ਲਗਾਤਾਰ 2 ਮਹੀਨਿਆ ਤੋਂ ਵੱਧ ਤੱਕ ਚੱਲੀ ਇਸ ਲੀਗ ਨੂੰ ਹਰ ਹਫਤੇ ਸੁਯੋਗ ਤਰੀਕੇ ਨਾਲ ਚਲਾ ਕੇ ਸਫਲਤਾਪੂਰਵਕ ਨੇਪਰੇ ਚਾੜ੍ਹਿਆ।

ਆਪਣੇ ਦਾਨੀ ਸਾਥੀਆਂ ਦੇ ਵੀ ਦਿਲੋਂ ਧੰਨਵਾਦੀ ਹਾਂ ਜਿਹਨਾਂ ਦੇ ਵਡਮੁੱਲੇ ਯੋਗਦਾਨ ਸਦਕਾ ਇਸ ਕਾਰਜ ਨੂੰ ਪੂਰਾ ਕਰ ਸਕੇ। ਕੱਲ ਦੇ ਪ੍ਰੋਗਰਾਮ ਦੀਆਂ ਕੁਝ ਕੁ ਤਸਵੀਰਾਂ ਰਾਹੀਂ ਸਾਂਝ ਪਾ ਰਹੇ ਹਾਂ।

ਜੇਤੂ ਓਪਨ ਵਰਗ:-
1 ਸੰਜੇ ਕੁਮਾਰ
2 ਨੀਰਜ ਕੁਮਾਰ ਪੁੰਜ
3 ਦਲਵਿੰਦਰ ਸਿੰਘ।

ਅੰਡਰ 17 ਦੇ ਜੇਤੂ:-
1 ਨੀਰਜ ਕੁਮਾਰ ਪੁੰਜ
2 ਅਕਾਸ਼ ਕਾਲੀਆ
3 ਮਹੇਸ਼ ਸੂਰੀ।

ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਆਸ ਹੈ ਕਿ ਭਾਗ ਲੈਣ ਵਾਲੇ ਸਾਰੇ ਖਿਡਾਰੀ ਹੋਰ ਵੀ ਜਿਆਦਾ ਮਿਹਨਤ ਕਰਕੇ ਭਵਿੱਖ ਵਿੱਚ ਖੇਡ ਦੇ ਖੇਤਰ ਦੇ ਰੋਸ਼ਨ ਸਿਤਾਰੇ ਬਨਣਗੇ।

ਨੌਜਵਾਨ ਸਭਾ ਵਲੋਂ ਕਬੱਡੀ ਦੇ ਉੱਭਰਦੇ ਖਿਡਾਰੀ ਜਸਕਰਨ ਸਿੰਘ ਦਾ ਕੈਨੇਡਾ ਜਾਕੇ ਆਪਣੀ ਖੇਡ ਰਾਹੀ ਪਿੰਡ ਦਾ ਨਾਮ ਉੱਚਾ ਕਰਨ ਲਈ ਸਨਮਾਨਿਤ ਕੀਤਾ।

ਨੌਜਵਾਨ ਸਾਥੀਆਂ ਨੇ ਭਵਿੱਖ ਲਈ ਹੋਰ ਵੀ ਕਈ ਸਮਾਜਿਕ ਕੰਮ ਸੋਚੇ ਹਨ, ਆਪਣਿਆਂ ਵਡੇਰਿਆਂ ਨਾਲ ਸਲਾਹ ਕਰਕੇ ਛੇਤੀ ਹੀ ਉਹਨਾਂ ਵਿਚਾਰਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾਵੇਗਾ।

Saturday, 6 January 2018

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ





"ਸਤਿਗੁਰੁ ਦਾਤੇ ਕਾਜ ਰਚਾਇਆ,ਆਪਣੀ ਮਿਹਰ ਕਰਾਈ
ਦਾਸਾ ਕਾਰਜ ਆਪ ਸਵਾਰੈ, ਇਹ ਉਸਦੀ ਵਡਿਆਈ।"
ਦਸਮੇਸ਼ ਪਾਤਸ਼ਾਹ, ਨੂਰ-ਏ-ਇਲਾਹੀ, ਦੂਰ ਅੰਦੇਸ਼ੀ, ਅਣਖ ਧਰਮ ਦੇ ਰਾਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਮੁਠੱਡਾ ਖੁਰਦ, ਮਹਿਸਮਪੁਰ, ਜੱਜਾਂ ਕਲਾਂ, ਲਾਂਗਰੀਆਂ, ਨਵਾਂ ਪਿੰਡ ਨਾਇਚਾ ਦੀ ਪ੍ਰਕਰਮਾ ਕਰਦਾ ਹੋਇਆ ਸੰਪੂਰਨ ਹੋਇਆ। ਸਾਰੇ ਹੀ ਇਲਾਕਾ ਨਿਵਾਸੀਆਂ ਨੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਨਵੀਂ ਪੀੜ੍ਹੀ ਦਾ ਆਪਣੇ ਧਰਮ ਨਾਲ ਪਿਆਰ ਅਤੇ ਸਤਿਕਾਰ ਚੰਗੇ ਭਵਿੱਖ ਦੀ ਆਸ ਬੰਨਦਾ ਹੈ। ਹਰ ਇਕ ਸੇਵਾਦਾਰ ਨੇ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਅ ਕੇ ਗੁਰੂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਰੱਬ ਸੱਭ ਨੂੰ ਖੁਸ਼ੀਆਂ ਖੇੜੇ ਅਤੇ ਕਾਮਯਾਬੀਆਂ ਬਖਸ਼ੇ।
ਪਿੰਡ ਦੇ ਨੌਜਵਾਨ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਆਪਸੀ ਪਿਆਰ ਅਤੇ ਸੂਝਬੂਝ ਨਾਲ ਇਸ ਧਾਰਮਿਕ ਕਾਰਜ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਨੇਪਰੇ ਚਾੜ੍ਹਿਆ।

"ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ।"

Wednesday, 3 January 2018

ਸਰੀਰ ਦਾਨੀ : ਇੰਜ. ਜਸਵੰਤ ਸਿੰਘ ਪੁੱਤਰ ਅਜੀਤ ਸਿੰਘ ਬਾਰੀਆਂ ਸਾਡੇ ਦਰਮਿਆਨ ਨਹੀਂ ਰਹੇ

2 ਜਨਵਰੀ ਦੀ ਸਵੇਰ ਇੰਜ. ਜਸਵੰਤ ਸਿੰਘ ਪੁੱਤਰ ਅਜੀਤ ਸਿੰਘ ਬਾਰੀਆਂ ਇਸ
ਸੰਸਾਰ ਨੂੰ ਅਲਵਿਦਾ ਕਹਿ ਗਏ। ਬਿਜਲੀ ਵਿਭਾਗ 'ਚ ਸਰਕਾਰੀ ਨੌਕਰੀ ਹੋਣ ਕਾਰਨ ਉਹ ਕਾਫ਼ੀ ਲੰਬੇ ਸਮੇਂ ਤੋਂ ਪਿੰਡੋਂ ਬਾਹਰ ਹੀ ਰਹਿੰਦੇ ਸਨ ਪਰ ਫਿਰ ਵੀ ਪਿੰਡ ਨਾਲ ਰਾਬਤਾ ਰੱਖਦੇ ਸਨ।
ਵਿਲੱਖਣ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਸਰੀਰ ਨੂੰ ਦਾਨ ਦੇਣ ਦਾ ਫ਼ੈਸਲਾ ਪਹਿਲਾ ਹੀ ਕਰ ਲਿਆ ਸੀ, ਜਿਸ ਕਾਰਨ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਪੀਜੀਆਈ ਨੂੰ ਦਾਨ ਕਰ ਦਿੱਤਾ ਗਿਆ। ਇਸ ਫ਼ੈਸਲੇ ਨੂੰ ਸਲਾਮ ਕਰਨਾ ਵੀ ਬਣਦਾ ਹੈ ਕਿਉਂਕਿ ਡਾਕਟਰੀ ਖੋਜਾਂ ਲਈ ਉਨ੍ਹਾਂ ਦਾ ਸਰੀਰ ਕੰਮ ਆਵੇਗਾ ਅਤੇ ਖੋਜਾਂ ਕਰਨ ਨਾਲ ਹੀ ਮਨੁੱਖ ਦੀ ਉਮਰ ਨੂੰ ਹੋਰ ਲੰਬੇਰਾ ਕੀਤਾ ਜਾ ਸਕਦਾ ਹੈ। ਨਾਮੁਰਾਦ ਬਿਮਾਰੀ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਉਹ ਹੋਰਨਾ ਦੀ ਉਮਰ ਨੂੰ ਲੰਬਾ ਕਰਨ ਲਈ ਆਪਣਾ ਯੋਗਦਾਨ ਪਾ ਗਏ ਹਨ। ਇਸ ਤਰ੍ਹਾਂ ਉਹ ਪਿੰਡ ਮੁਠੱਡਾ ਕਲਾਂ ਦੇ ਪਹਿਲੇ ਸਰੀਰ ਦਾਨੀ ਵੀ ਬਣ ਗਏ ਹਨ।