Monday, 28 July 2025

ਅੰਡਰ ਬ੍ਰਿਜ ਦੇ ਨਕਸ਼ੇ ’ਚ ਤਬਦੀਲੀ ਕਰਕੇ ਸਿੱਧਾ ਅੰਡਰ ਬ੍ਰਿਜ ਬਣਾਉਣ ਦੀ ਕੀਤੀ ਮੰਗ



ਫਿਲੌਰ: ਪਿੰਡ ਦੁਸਾਂਝ ਖੁਰਦ ਦੇ ਰੇਲਵੇ ਫਾਟਕ ਦੇ ਹੇਠ ਬਣਨ ਵਾਲੇ ਅੰਡਰ ਬ੍ਰਿਜ ਦੇ ਨਕਸ਼ੇ ਦੀ ਤਬਦੀਲੀ ਦੀ ਮੰਗ ਨੂੰ ਲੈ ਕੇ ਅੱਜ ਇੱਕ ਮੰਗ ਪੱਤਰ ਐੱਸਡੀਐੱਮ ਫਿਲੌਰ ਪ੍ਰਲੀਨ ਕੌਰ ਬਰਾੜ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਇਸ ਦਾ ‘ਸੀ’ ਟਾਈਪ ਦਾ ਨਕਸ਼ਾ ਰੱਦ ਕਰਕੇ ਸਿੱਧਾ ਅੰਡਰ ਬ੍ਰਿਜ ਬਣਾਇਆ ਜਾਵੇ। ਮੰਗ ਪੱਤਰ ‘ਚ ਦੁਸਾਂਝ ਖੁਰਦ, ਮੁਠੱਡਾ ਕਲਾਂ, ਕੁਤਬੇਵਾਲ, ਲਾਂਗੜੀਆਂ, ਮੁਠੱਡਾ ਖੁਰਦ, ਭੱਟੀਆਂ ਆਦਿ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਸੈਕੜੇ ਹੋਰ ਦਸਖ਼ਤਾਂ ਵਾਲੇ ਪੱਤਰ ਸ਼ਾਮਲ ਸਨ। ਜਿਸ ‘ਚ ਗੁਰਦੁਆਰਾ ਕਮੇਟੀਆਂ, ਯੂਥ ਕਲੱਬਾਂ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀਆਂ ਮੁਠੱਡਾ ਕਲਾਂ ਇਕਾਈਆਂ, ਵੱਖ-ਵੱਖ ਪ੍ਰਾਈਵੇਟ ਸਕੂਲ ਅਤੇ ਮਹਿੰਦਰਾਂ ਟਰੈਕਟਰ ਦੇ ਸਟਾਕਯਾਰਡ ਵਲੋਂ ਵੀ ਲਿਖਤੀ ਤੌਰ ‘ਤੇ ਮੌਜੂਦਾ ਨਕਸ਼ਾ ਰੱਦ ਕਰਕੇ ਨਵੇਂ ਸਿਰੇ ਤੋਂ ਨਕਸ਼ਾ ਬਣਾਉਣ ਦੀ ਮੰਗ ਕੀਤੀ ਗਈ।

ਐੱਸਡੀਐੱਮ ਫਿਲੌਰ ਨੂੰ ਮਿਲੇ ਵਫ਼ਦ ਦੀ ਅਗਵਾਈ ਡਾ. ਸਰਬਜੀਤ ਮੁਠੱਡਾ, ਨੰਬਰਦਾਰ ਗੁਰਪਾਲ ਸਿੰਘ, ਸਾਬਕਾ ਸਰਪੰਚ ਹਰਜਿੰਦਰ ਕੁਮਾਰ, ਸਰਪੰਚ ਭੱਟੀਆ ਸਰਵਜੀਤ ਸਿੰਘ, ਰਛਪਾਲ ਲਾਲ ਕੁਤਬੇਵਾਲ, ਹਰਭਜਨ ਸਿੰਘ ਗਰੇਵਾਲ, ਸੰਤੋਖ ਲਾਲ ਲਾਂਗੜੀਆ, ਵਿਜੈ ਕੁਮਾਰ, ਦੀਪਕ ਭਾਰਤੀ, ਰਾਜਵਿੰਦਰ ਮੁਠੱਡਾ, ਚੰਨਪ੍ਰੀਤ ਸਿੰਘ ਬੂਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ, ਮਨਮੋਹਣ ਸਿੰਘ ਸਿੱਧੂ, ਸੁਖਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੁਖਵੀਰ ਸਿੰਘ ਔਜਲਾ, ਦਵਿੰਦਰ ਭਿੰਦਾ ਆਦਿ ਨੇ ਕੀਤੀ। ਇਨ੍ਹਾਂ ਮੋਹਤਬਰਾਂ ਨੇ ਐੱਸਡੀਐੱਮ ਨੂੰ ਦੱਸਿਆ ਕਿ ਮੌਜੂਦਾ ਨਕਸ਼ੇ ਮੁਤਾਬਿਕ ਜੇ ਅੰਡਰ ਬ੍ਰਿਜ ਬਣਦਾ ਹੈ ਤਾਂ ਸੁਰੱਖਿਆ ਖਤਰੇ ‘ਚ ਪਵੇਗੀ ਕਿਉਂਕਿ ਰਾਤ ਵੇਲੇ ਅਜਿਹੇ ਪੁਲਾਂ ਤੋਂ ਲੰਘਣਾ ਖ਼ਤਰੇ ਤਾਂ ਖਾਲੀ ਨਹੀਂ ਹੁੰਦਾ। ਇਥੋਂ ਟਰੈਕਟਰ ਪੰਜਾਬ ਸਮੇਤ ਜੇਕੇ ਅਤੇ ਹਿਮਾਚਲ ਨੂੰ ਜਾਂਦੇ ਹਨ, ਜਿਥੋਂ ਟਰਾਲੇ ਨਹੀਂ ਲੰਘ ਸਕਣਗੇ ਅਤੇ ਨਾ ਹੀ ਗੰਨੇ ਨਾਲ ਲੱਦੀਆਂ ਟਰਾਲੀਆਂ ਅਤੇ ਕੰਬਾਇਨਾਂ ਵੀ ਨਹੀਂ ਲੰਘ ਸਕਣਗੀਆਂ। ਇਸ ਤੋਂ ਇਲਾਵਾ ਸਕੂਲਾਂ ਦੀਆਂ ਵੱਡੀਆਂ ਬੱਸਾਂ ਵੀ ਨਹੀਂ ਲੰਘ ਸਕਣਗੀਆਂ। ਉਕਤ ਮੋਹਤਬਰਾਂ ਨੇ ਕਿਹਾ ਕਿ ਪਿੰਡ ਦੁਸਾਂਝ ਖੁਰਦ ਦੀ ਹੱਦ ਅੰਦਰ ਲਿੰਕ ਰੋਡ ਦੀ ਚੌੜਾਈ ਆਮ ਨਾਲੋਂ ਜ਼ਿਆਦਾ ਹੈ ਅਤੇ ਰੇਲਵੇ ਲਾਈਨ ਵੀ ਉੱਚੀ ਹੈ। ਜਿਸ ਨਾਲ ਇਥੇ ਸਿੱਧਾ ਅੰਡਰ ਬ੍ਰਿਜ ਬਣਾਉਣਾ ਸੰਭਵ ਹੈ। ਮੋਹਤਬਰਾਂ ਨੇ ਕਿਹਾ ਕਿ ਉਹ ‘ਸੀ’ ਟਾਈਪ ਵਾਲੇ ਬ੍ਰਿਜ ਦਾ ਜ਼ੋਰਦਾਰ ਵਿਰੋਧ ਕਰਨਗੇ। 

ਇਸ ਮੌਕੇ ਐੱਸਡੀਐੱਮ ਫਿਲੌਰ ਪ੍ਰਲੀਨ ਕੌਰ ਬਰਾੜ ਨੇ ਕਿਹਾ ਕਿ ਉਹ ਇਸ ਫਾਈਲ ਨੂੰ ਰੇਲਵੇ ਦੇ ਅਧਿਕਾਰੀਆਂ ਨੂੰ ਭੇਜ ਦੇਣਗੇ ਅਤੇ ਛੇਤੀ ਹੀ ਰੇਲਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕਰਵਾਉਣਗੇ।

Monday, 21 July 2025

ਮੱਖਣ ਸੰਗਰਾਮੀ ਨੂੰ ਤਹਿਸੀਲ ਪ੍ਰਧਾਨ, ਸੁਨੀਲ ਭੈਣੀ ਤਹਿਸੀਲ ਸਕੱਤਰ ਚੁਣੇ


ਅੱਜ ਇਥੇ ਸ਼ਹੀਦ ਭਗਤ ਸਿੰਘ ਨੌਜਵਾਨ ਪੰਜਾਬ ਦੀ ਤਹਿਸੀਲ ਕਮੇਟੀ ਫਿਲੌਰ ਦਾ ਜਥੇਬੰਦਕ ਅਜਲਾਸ ਕਾਮਰੇਡ ਨਰੰਜਨ ਸਿੰਘ ਮੁਠੱਡਾ ਮੈਮੋਰੀਅਲ ਹਾਲ ਮੁਠੱਡਾ ਕਲਾਂ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਗੁਰਦੀਪ ਗੋਗੀ, ਬਲਦੇਵ ਸਾਹਨੀ, ਸੁਨੀਲ ਭੈਣੀ, ਜੱਸਾ ਰੁੜਕਾ ਨੇ ਕੀਤੀ।

ਅਜਲਾਸ ਮੌਕੇ ਉਦਘਾਟਨੀ ਭਾਸਣ ਕਰਦੀਆਂ ਸਭਾ ਦੇ ਪ੍ਰਧਾਨ ਸਾਥੀ ਮਨਜਿੰਦਰ ਢੇਸੀ ਨੇ ਸਭਾ ਦੇ ਨਿਸ਼ਾਨੇ ਅਤੇ ਉਦੇਸ਼ ਉੱਪਰ ਰੌਸ਼ਨੀ ਪਾਉਂਦੀਆਂ ਜੱਥੇਬੰਦੀ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ, ਅਤੇ ਕਿਹਾ ਕਿ ਦੇਸ਼ ਨੂੰ ਦਰਪੇਸ਼ ਮਸਲਿਆ ਬੇਰੁਜਗਾਰੀ, ਅਨਪੜ੍ਹਤਾ, ਗਰੀਬੀ, ਅਤੇ ਸਿੱਖਿਆ ਦੇ ਹੋ ਰਹੇ ਵਪਾਰੀਕਰਨ ਖਿਲਾਫ ਨੌਜਵਾਨਾਂ ਦੀ ਵਿਸ਼ਾਲ ਲਹਿਰ ਖੜੀ ਕਰਨਾ ਸਮੇਂ ਦੀ ਮੁੱਖ ਲੋੜ ਹੈ, ਓਹਨਾ ਨੌਜਵਾਨਾਂ ਦੇ ਮਸਲਿਆਂ ਉੱਪਰ ਸੰਘਰਸ਼ ਨੂੰ ਤੇਜ ਕਰਨ ਦਾ ਸੁਨੇਹਾ ਵੀ ਦਿੱਤਾ, ਇੱਕ ਵੱਖਰੇ ਮਤੇ ਵਿੱਚ ਫ਼ਿਲੌਰ ਸ਼ਹਿਰ ਅੰਦਰ ਭਗਤ ਸਿੰਘ ਦਾ ਬੁੱਤ ਸਥਾਪਿਤ ਕਰਨ ਦੀ ਮਨਜੂਰ ਹੋਈ ਮੰਗ ਨੂੰ ਪ੍ਰਸ਼ਾਸਨ ਕੋਲੋ ਅਮਲੀ ਜਾਮਾ ਪਹਿਨਾਉਣ ਲਈ ਸੰਘਰਸ਼ ਤੇਜ ਕਰਨ ਦਾ ਮਤਾ ਵੀ ਪਾਇਆ ਗਿਆ।

ਇਸ ਮੌਕੇ ਤਹਿਸੀਲ ਸਕੱਤਰ ਸਾਥੀ ਮੱਖਣ ਸੰਗਰਾਮੀ ਨੇ ਰਿਪੋਰਟ ਪੇਸ਼ ਕੀਤੀ, ਜਿਸ ਉੱਪਰ ਨੌਜਵਾਨਾਂ ਨੇ ਰਿਪੋਰਟ ਅਧਾਰਿਤ ਊਸਾਰੂ ਬਹਿਸ 'ਚ ਵੱਧ ਚੜਕੇ ਹਿੱਸਾ ਲੈ ਕੇ ਸਭਾ ਦੇ ਵਿਸਥਾਰ ਵਾਸਤੇ ਬਹੁਮੁੱਲੇ ਸੁਝਾਅ ਦਿੱਤੇ।

ਇਸ ਮੌਕੇ ਜਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਆਉਣ ਵਾਲੇ ਸਮੇਂ ਲਈ ਕੰਮ ਕਰਨ ਵਾਲੀ ਤਹਿਸੀਲ ਕਮੇਟੀ ਦਾ ਪੈਨਲ ਪੇਸ਼ ਕਰਕੇ ਸਰਬਸੰਮਤੀ ਨਾਲ ਮੱਖਣ ਸੰਗਰਾਮੀ ਨੂੰ ਤਹਿਸੀਲ ਪ੍ਰਧਾਨ, ਸੁਨੀਲ ਭੈਣੀ ਤਹਿਸੀਲ ਸਕੱਤਰ, ਸਨੀ ਜੱਸਲ ਖਜਾਨਚੀ, ਗੁਰਦੀਪ ਗੱਗਾ ਮੀਤ ਪ੍ਰਧਾਨ, ਅਮਰੀਕ ਰੜਕਾਂ ਮੀਤ ਪ੍ਰਧਾਨ, ਬਲਦੇਵ ਸਾਹਨੀ ਪ੍ਰੈਸ ਸਕੱਤਰ ਗੁਰਿੰਦਰਜੀਤ ਗੈਰੀ ਜੁਆਇੰਟ ਸਕੱਤਰ, ਅਤੇ ਜੱਸਾ ਰੁੜਕਾ, ਰਿੱਕੀ ਮਿਓਵਾਲ, ਲਖਵੀਰ ਖੋਖੇਵਾਲ, ਓਂਕਾਰ ਬਿਰਦੀ, ਸੁਖਵੀਰ ਸੰਗਤਪੁਰ, ਸੰਦੀਪ ਫ਼ਿਲੌਰ, ਜੋਗਾ ਸਿੰਘ ਸੰਗੋਵਾਲ, ਲੋਕੇਸ਼ ਦੋਸਾਂਝ, ਜਸਵੀਰ ਢੇਸੀ,  ਰਸ਼ਪਾਲ ਬੇਗਮਪੁਰ, ਅੰਗਰੇਜ਼ ਖੈਰਾ, ਲਵਰਾਜ ਬਿਰਦੀ ਆਦਿ ਤਹਿਸੀਲ ਕਮੇਟੀ ਮੈਂਬਰ  ਚੁਣੇ ਗਏ।

ਡਾ. ਮੁਠੱਡਾ ਦੀ ਬਰਸੀ ਮੌਕੇ ਵਿਗਿਆਨਕ ਚੇਤਨਾ ਕੇਂਦਰ ਦਾ ਕੀਤਾ ਲੋਕ ਅਰਪਣ



ਫਿਲੌਰ: ਅੱਜ ਸ਼ਹੀਦ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 38ਵੀਂ ਬਰਸੀ ਮੌਕੇ ਪਿੰਡ ਮੁਠੱਡਾ ਕਲਾਂ ਵਿਖੇ ਇੱਕ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਇਤਿਹਾਸ ‘ਚ ਨਾਮਧਾਰੀਆਂ ਵਲੋਂ ਦੇਸ਼ ਦੀ ਆਜ਼ਾਦੀ ’ਚ ਵੱਡਾ ਯੋਗਦਾਨ ਪਾਇਆ ਗਿਆ। ਜਿਸ ਦੌਰਾਨ ਸ਼ਹੀਦ ਭਗਤ ਸਿੰਘ ਨੇ ਮੁਠੱਡਾ ਕਲਾਂ ’ਚ ਪਹਿਲੀ ਵਾਰ ਆਪਣੀ ਜ਼ਿੰਦਗੀ ਦਾ ਭਾਸ਼ਣ ਕੀਤਾ ਸੀ। ਪ੍ਰੋ. ਜਗਮੋਹਣ ਸਿੰਘ ਨੇ ਨੌਜਵਾਨਾਂ ਨੂੰ ਵਿਗਿਆਨਕ ਨਜ਼ਰੀਆ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਇਤਿਹਾਸ ਨਾਲ ਜੁੜਨ ਅਤੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧਣ। ਅੰਤਰਰਾਸ਼ਟਰੀ ਅਵਸਥਾ ਬਾਰੇ ਉਨ੍ਹਾਂ ਕਿਹਾ ਕਿ ਪੂੰਜੀਵਾਦ ਚਾਹੁੰਦਾ ਹੈ ਕਿ ਲੋਕਾਂ ਦੀ ਏਕਤਾ ਨਾ ਬਣੇ। ਇਸ ਦੌਰਾਨ ਪੂੰਜੀ ਕੁੱਝ ਹੱਥਾਂ ‘ਚ ਕੇਂਦਰਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਵ ਉਦਾਰਵਾਦੀ ਨੀਤੀਆਂ ਦੀ ਪਹਿਲਾ ਚਿੱਲੀ ’ਚ ਵੀ ਪਰਖ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਾਰੀਆਂ ਦੁਨੀਆ ’ਚ ਇਹ ਨੀਤੀਆਂ ਲਾਗੂ ਕਰਕੇ ਤਬਾਹੀ ਮਚਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਂਝੀਵਾਲਤਾ ਤੋਂ ਬਿਨਾਂ ਮਨੁੱਖਤਾ ਦਾ ਭਲਾ ਨਹੀਂ ਹੋ ਸਕਦਾ। ਗੁਰਬਾਣੀ ਤੋਂ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਕੱਠ ਤੋਂ ਬਿਨ੍ਹਾਂ ਬੰਧਨਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। 


ਇਸ ਮੌਕੇ ਆਰਐੱਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਡਾ. ਮੁਠੱਡਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਏਕਤਾ ਆਖੰਡਤਾ ਦੀ ਰਾਖੀ ਲਈ ਕੀਤੀ ਕੁਰਬਾਨੀ ਆਜ਼ਾਈ ਨਹੀਂ ਜਾਵੇਗੀ। ਇਸ ਤੋਂ ਪਹਿਲਾ ਪ੍ਰੋ. ਜਗਮੋਹਣ ਨੇ ਕਾਮਰੇਡ ਨਰੰਜਣ ਸਿੰਘ ਮੁਠੱਡਾ ਮੈਮੋਰੀਅਲ ਵਲੋਂ ਵਿਗਿਆਨਕ ਚੇਤਨਾ ਕੇਂਦਰ ਦੇ ਲੋਕ ਅਰਪਣ ਦੀ ਰਸਮ ਨੂੰ ਅਦਾ ਕੀਤਾ। ਸਮਾਗਮ ਦੌਰਾਨ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਡਾ. ਸਰਬਜੀਤ ਮੁਠੱਡਾ, ਗੁਰਪਾਲ ਸਿੰਘ ਨੰਬਰਦਾਰ, ਮਨਮੋਹਣ ਸ਼ਰਮਾ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਸਟੇਜ ‘ਤੇ ਸ਼ਸ਼ੋਭਤ ਸਨ। 

ਇਸ ਮੌਕੇ ਆਰਐੱਮਪੀਆਈ ਦੇ ਤਹਿਸੀਲ ਪ੍ਰਧਾਨ ਸਰਬਜੀਤ ਸੰਗੋਵਾਲ, ਕੁਲਦੀਪ ਫਿਲੌਰ, ਮੇਜਰ ਫਿਲੌਰ, ਗੁਰਦੀਪ ਗੋਗੀ, ਐਡਵੋਕੇਟ ਅਜੈ ਫਿਲੌਰ, ਮੱਖਣ ਸੰਗਰਾਮੀ, ਰਾਮ ਨਾਥ ਦੁਸਾਂਝ, ਬਲਵਿੰਦਰ ਸਰਗੁੰਦੀ, ਤਰਜਿੰਦਰ ਧਾਲੀਵਾਲ, ਕੁਲਦੀਪ ਵਾਲੀਆ, ਬਲਜਿੰਦਰ ਬੱਬੀ, ਅਮਰੀਕ ਰੁੜਕਾ, ਸੁਰਜੀਤ ਬਿਲਗਾ ਆਦਿ ਹਾਜ਼ਰ ਸਨ।